Shiksha Focus

ਵਿਦਿਆਰਥੀ ਬਣੇ ‘ਮਜ਼ਦੂਰ’! ਮੰਤਰੀ ਬੈਂਸ ਦਾ ਵੱਡਾ ਐਕਸ਼ਨ ਪ੍ਰਿੰਸੀਪਲ ਸਸਪੈਂਡ

ਵਿਦਿਆਰਥੀ ਬਣੇ ‘ਮਜ਼ਦੂਰ’! ਮੰਤਰੀ ਬੈਂਸ ਦਾ ਵੱਡਾ ਐਕਸ਼ਨ ਪ੍ਰਿੰਸੀਪਲ ਸਸਪੈਂਡ

 

 

– ਸਕੂਲ ਆਫ ਐਮੀਨੈਂਸ ‘ਚ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਾਉਣ ਦੀ ਵੀਡੀਓ ਆਈ ਸਾਹਮਣੇ

 

 

ਸਿੱਖਿਆ ਫੋਕਸ, ਲੁਧਿਆਣਾ। ਸਕੂਲ ਆਫ ਐਮੀਨੈਂਸ ‘ਚ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਾਉਣ ਦੀ ਵੀਡੀਓ ਸਾਹਮਣੇ ਆਈ ਹੈ। ਇਹ ਸਕੂਲ ਜਵਾਹਰ ਨਗਰ, ਲੁਧਿਆਣਾ ਇਲਾਕੇ ਵਿੱਚ ਹੈ। ਪਤਾ ਲੱਗਾ ਹੈ ਕਿ ਇਹ ਲਗਾਤਾਰ ਤੀਜਾ-ਚੌਥਾ ਦਿਨ ਹੈ ਜਦੋਂ ਸਕੂਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੋਣ ਕਾਰਨ ਵਿਦਿਆਰਥੀਆਂ ਨੂੰ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਐਕਸ਼ਨ ਲੈਂਦਿਆਂ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਮੇਰੇ ਧਿਆਨ ਵਿਚ ਲੁਧਿਆਣਾ ਦੇ ਸਕੂਲ ਦਾ ਮਾਮਲਾ ਆਇਆ ਹੈ, ਜਿਥੇ ਵਿਦਿਆਰਥੀਆਂ ਨੂੰ ਦੇਰ ਨਾਲ ਆਉਣ ‘ਤੇ ਸਜ਼ਾ ਕੈਂਪਸ ਮੈਨੇਜਰ ਵੱਲੋਂ ਰੇਤਾ ਚੁਕਵਾਈ ਗਈ, ਜੋਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਕੈਂਪਸ ਮੈਨੇਜਰ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ, ਜਦਕਿ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਐਕਸ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਉਨ੍ਹਾਂ ਨੂੰ ਬਚਾਉਣਾ ਚਾਹੀਦਾ ਹੈ।

ਇਸ ਤੋਂ ਪਹਿਲਾਂ ਸੰਪਰਕ ਕਰਨ ’ਤੇ ਪ੍ਰਿੰਸੀਪਲ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਨਵੇਂ ਪਖਾਨਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਮਜ਼ਦੂਰਾਂ ਵਜੋਂ ਕੰਮ ਕਰਨ ਵਾਲੇ ਵਿਦਿਆਰਥੀਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਵਿਦਿਆਰਥੀਆਂ ਨੂੰ ਇਹ ਕੰਮ ਕਰਵਾਉਣ ਵਾਲੇ ਅਧਿਆਪਕ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।