ਸਕੂਲ ’ਚ ਵੜਕੇ ਚੋਰ ਲੈ ਗਏ ਆਟਾ ਤੇ ਮਿਡ ਡੇ ਮੀਲ ਦਾ ਹੋਰ ਸਮਾਨ
– ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ ਚੋਰ
ਸਿੱਖਿਆ ਫੋਕਸ, ਗੁਰਦਾਸਪੁਰ। ਹਲਕਾ ਡੇਰਾ ਬਾਬਾ ਨਾਨਕ ਦੀ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਪਿੰਡ ਮਨਸੂਰਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਬੀਤੀ ਰਾਤ ਸਕੂਲ ਵਿੱਚ ਪਿਆ ਮਿਡ ਡੇ ਰਾਸ਼ਨ ਆਟਾ, ਚੌਲ, ਦਾਲਾਂ ਅਤੇ ਹੋਰ ਕੀਮਤੀ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਨਾਲ ਲੈ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਇੰਚਾਰਜ ਰੰਜਨਦੀਪ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹਨਾਂ ਨੇ ਸਕੂਲ ਆ ਕੇ ਦੇਖਿਆ ਤਾਂ ਸਕੂਲ ਦੀ ਕਿਚਨ ਦਾ ਤਾਲਾ ਟੁੱਟਾ ਹੋਇਆ ਸੀ ਤੇ ਅੰਦਰੋਂ ਬੱਚਿਆਂ ਨੂੰ ਦਿੱਤਾ ਜਾਂਦਾ ਮਿਡ ਡੇ ਮੀਲ ਦਾ ਸਮਾਨ ਆਟਾ ਚੌਲ ਦਾਲਾਂ, ਗੈਸ ਸਿਲੰਡਰ ,ਚੁੱਲਾ ਅਤੇ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰ ਚੋਰੀ ਕਰਕੇ ਰਫੂ ਚੱਕਰ ਹੋਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੁਲਿਸ ਚੌਂਕੀ ਧਰਮਕੋਟ ਰੰਧਾਵਾ ਦੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਚ ਮੈਡਮ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਚੋਰੀਆਂ ਦੇ ਨਾਲ-ਨਾਲ ਨਸ਼ਿਆਂ ਦੀ ਭਰਮਾਰ ਹੈ ਤੇ ਕਈ ਵਾਰ ਨਸ਼ੇੜੀ ਇਸ ਸਕੂਲ ਦੇ ਵਿੱਚ ਸਰਿੰਜਾਂ ਅਤੇ ਹੋਰ ਇਤਰਾਜਯੋਗ ਚੀਜ਼ਾਂ ਸੁੱਟ ਕੇ ਚਲੇ ਜਾਂਦੇ ਹਨ।
ਇਸ ਤੋਂ ਪਹਿਲਾਂ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ ਪਰ ਹਾਲੇ ਤੱਕ ਕਿਸੇ ਵੀ ਚੋਰ ਜਾ ਨਸ਼ੇੜੀ ਉਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵਿੱਚ ਇਤਰਾਜਯੋਗ ਚੀਜ਼ਾਂ ਸੁੱਟਣ ਵਾਲੇ ਸ਼ਰਾਰਤੀ ਅਨਸਰਾਂ ਚੋਰਾਂ ਅਤੇ ਨਸ਼ੇੜੀਆਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਉਧਰ ਮੌਕੇ ਤੇ ਪਹੁੰਚੇ ਪੁਲਿਸ ਚੌਂਕੀ ਧਰਮਕੋਟ ਦੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਆਰੰਭ ਕਰ ਦਿੱਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਮੁਲਜ਼ਮ ਪੁਲਿਸ ਦੀਆਂ ਸਲਾਖਾਂ ਪਿੱਛੇ ਹੋਣਗੇ।