Shiksha Focus

ਸਿੱਖਿਆ ਮੰਤਰੀ ਨੇ 72 ਪ੍ਰਾਇਮਰੀ ਸਕੂਲ ਅਧਿਆਪਕਾਂ ਲਈ ਕੀਤਾ ਨਵਾਂ ਐਲਾਨ

ਸਿੱਖਿਆ ਮੰਤਰੀ ਨੇ 72 ਪ੍ਰਾਇਮਰੀ ਸਕੂਲ ਅਧਿਆਪਕਾਂ ਲਈ ਕੀਤਾ ਨਵਾਂ ਐਲਾਨ


– 15 ਮਾਰਚ ਤੋਂ ਹੋਵੇਗਾ ਇਹ ਫੈਸਲਾ ਲਾਗੂ

ਸਿੱਖਿਆ ਫੋਕਸ, ਲੁਧਿਆਣਾ। ਪੰਜਾਬ ਦੇ ਸਕੂਲਾਂ ਵਿਚ ਚੰਗੀ ਸਿੱਖਿਆ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ 72 ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਟ੍ਰੇਨਿੰਗ ਲਈ ਫਿਨਲੈਂਡ ਭੇਜਣ ਦਾ ਫੈਸਲਾ ਕੀਤਾ ਹੈ। ਇਹ ਸਿਖਲਾਈ ਪ੍ਰੋਗਰਾਮ ਦੋ ਹਫਤਿਆਂ ਦਾ ਹੋਵੇਗਾ।

ਇਹ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਾਰਤ ਵਿੱਚ ਫਿਨਲੈਂਡ ਦੇ ਰਾਜਦੂਤ ਸ੍ਰੀ ਕਿਮੋ ਲਾਹਦੇਵਿਰਤਾ ਨਾਲ ਮਿਲ ਕੇ ਪੰਜਾਬ ਭਵਨ ਵਿਖੇ ਇਸ ਬੈਚ ਲਈ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਦੌਰਾਨ ਪੰਜਾਬ ਭਵਨ ਵਿਖੇ ਸਿਖਲਾਈ ਪ੍ਰੋਗਰਾਮ ਦੇ ਉਦਘਾਟਨ ਉਪਰੰਤ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਧਿਆਪਕਾਂ ਦਾ ਇਹ ਬੈਚ ਯੂਨੀਵਰਸਿਟੀ ਆਫ ਤੁਰਕੂ ਵਿਖੇ ਦੋ ਹਫ਼ਤਿਆਂ ਦੀ ਸਿਖਲਾਈ ਲਈ 15 ਮਾਰਚ ਨੂੰ ਫਿਨਲੈਂਡ ਲਈ ਰਵਾਨਾ ਹੋਵੇਗਾ।

ਦੱਸ ਦੇਈਏ ਕਿ ਪਿਛਲੇ ਸਾਲ 21 ਅਕਤੂਬਰ ਤੋਂ 8 ਨਵੰਬਰ ਤੱਕ ਅਧਿਆਪਕਾਂ ਦਾ ਪਹਿਲਾ ਬੈਚ ਯੂਨੀਵਰਸਿਟੀ ਆਫ ਤੁਰਕੂ ਵਿਖੇ ਟ੍ਰੇਨਿੰਗ ਲਈ ਗਿਆ ਸੀ। ਫਿਨਲੈਂਡ ਵਿਸ਼ਵ ਪੱਧਰੀ ਸਿੱਖਿਆ ਪ੍ਰਣਾਲੀ ਲਈ ਜਾਣਿਆ ਜਾਂਦਾ ਹੈ। ਇਸ ਦੌਰਾਨ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਟੀਚਰ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਦੇ ਵਿੱਦਿਅਕ ਪ੍ਰਣਾਲੀ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਦੇ ਹਾਣੀ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਲੋੜੀਂਦਾ ਗਿਆਨ, ਸਿਖਲਾਈ ਅਤੇ ਸਾਧਨਾਂ ਨਾਲ ਤਣਾਅ-ਮੁਕਤ ਅਤੇ ਦਿਲਚਸਪ ਸਿੱਖਣ ਦਾ ਮਾਹੌਲ ਬਣੇਗਾ।

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਟ੍ਰੇਨ ਦਿ ਟ੍ਰੇਨਰ’ ਪ੍ਰੋਗਰਾਮ ਵੀ ਲਾਗੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਚੁਣੇ ਹੋਏ ਅਧਿਆਪਕ ਖੁਦ ਟ੍ਰੇਨਰ ਬਣ ਕੇ ਆਪਣੇ ਗਿਆਨ ਨੂੰ ਦੂਜੇ ਅਧਿਆਪਕਾਂ ਨਾਲ ਸਾਂਝਾ ਕਰਨਗੇ, ਜਿਸ ਨਾਲ ਇਕ ਅਜਿਹਾ ਮਾਹੌਲ ਸਿਰਜਿਆ ਜਾਵੇਗਾ ਜੋ ਪੰਜਾਬ ਵਿੱਚ ਸਮੁੱਚੀ ਪ੍ਰਾਇਮਰੀ ਸਕੂਲ ਸਿੱਖਿਆ ਪ੍ਰਣਾਲੀ ਲਈ ਪਾਜ਼ੀਟਿਵ ਤੇ ਸਾਰਥਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਹੁੰਚ ਦਾ ਉਦੇਸ਼ ਸੂਬੇ ਭਰ ਵਿੱਚ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਇਕ ਸਵੈ-ਨਿਰਭਰ ਮਾਡਲ ਤਿਆਰ ਕਰਨਾ ਹੈ।