ਏਡੀਸੀ ਵਲੋਂ ਵਿੱਦਿਅਕ ਅਦਾਰਿਆਂ ਨਾਲ ਮੀਟਿੰਗ ਚ’ ਦਿੱਤੇ ਇਹ ਹੁਕਮ
– ਵਿਦਿਆਰਥੀਆਂ ਨੂੰ ਮਿਲੇਗਾ ਇੱਕ ਸਾਲ ਲਈ 5000 ਰੁਪਏ ਪ੍ਰਤੀ ਮਹੀਨਾ
ਸਿੱਖਿਆ ਫੋਕਸ, ਜਲੰਧਰ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਨੌਜਵਾਨਾਂ ਨੂੰ ਲਾਭ ਲੈਣ ਲਈ ਪ੍ਰੇਰਿਤ ਕਰਨ ਲਈ ਸਮੂਹ ਵਿੱਦਿਅਕ ਅਦਾਰਿਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜ਼ਿਲ੍ਹੇ ਦੇ ਸਮੂਹ ਪੋਲੀਟੈਕਨਿਕ ਕਾਲਜਾਂ, ਆਈ. ਟੀ. ਆਈਜ਼, ਆਰਟਸ ਕਾਲਜਾਂ, ਇੰਜੀਨੀਅਰਿੰਗ ਇੰਸਟੀਚਿਊਸ਼ਨਸ, ਮੈਨੇਜਮੈਂਟ ਕਾਲਜਾਂ, ਯੂਨੀਵਰਸਿਟੀਆਂ ਆਦਿ ਤੋਂ ਨੁਮਾਇੰਦਿਆਂ ਤੋਂ ਇਲਾਵਾ ਜ਼ਿਲ੍ਹਾ ਉਦਯੋਗ ਕੇਂਦਰ, ਜ਼ਿਲ੍ਹਾ ਸਿੱਖਿਆ ਦਫ਼ਤਰ (ਸੈਕੰਡਰੀ), ਸੀ.ਪਾਈਟ ਕੈਂਪ, ਕਪੂਰਥਲਾ ਆਦਿ ਤੋਂ ਅਧਿਕਾਰੀਆਂ ਨੇ ਭਾਗ ਲਿਆ।
ਵਧੀਕ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਲਈ ਸਕੀਮ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਵਿੱਦਿਅਕ ਅਦਾਰਿਆਂ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਸਕੀਮ ਪ੍ਰਤੀ ਜਾਗਰੂਕ ਕਰਨ ਲਈ ਆਖਿਆ ਤਾਂ ਜੋ ਵਿਦਿਆਰਥੀ ਸਕੀਮ ਦਾ ਲਾਭ ਉਠਾ ਸਕਣ।
ਉਨ੍ਹਾਂ ਦੱਸਿਆ ਇਸ ਸਕੀਮ ਤਹਿਤ ਇੰਟਰਨਸ਼ਿਪ ਕਰਨ ਵਾਲੇ ਵਿਦਿਆਰਥੀਆਂ ਨੂੰ ਸਬੰਧਤ ਕੰਪਨੀ ਵੱਲੋਂ ਇੱਕ ਸਾਲ ਲਈ 5000 ਰੁਪਏ ਪ੍ਰਤੀ ਮਹੀਨਾ ਇੰਟਰਨਸ਼ਿਪ ਰਾਸ਼ੀ ਦਿੱਤੀ ਜਾਵੇਗੀ, ਜਿਸ ਤਹਿਤ ਜ਼ਿਲ੍ਹਾ ਜਲੰਧਰ ਵਿੱਚ ਸਰਕਾਰ ਵੱਲੋਂ ਕੁੱਲ 26 ਕੰਪਨੀਆਂ ਨਾਮਜ਼ਦ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕੰਪਨੀਆਂ ਵੱਲੋਂ ਜਲੰਧਰ ਵਿੱਚ ਹੀ ਕੁੱਲ 199 ਵਿਦਿਆਰਥੀਆਂ ਨੂੰ ਪ੍ਰਧਾਨ ਮੰਤਰੀ ਇੰਨਟਰਨਸ਼ਿਪ ਸਕੀਮ ਤਹਿਤ ਕਵਰ ਕੀਤਾ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਹੈਲਪਲਾਈਨ ਨੰ. 9056920100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।